spot_img
spot_img
spot_img
spot_img
Tuesday, May 28, 2024
spot_img
Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਦਿਹਾਤੀ ਓਲੰਪਿਕ ਖੇਡਾਂ ਦੀ 29 ਸਤੰਬਰ ਸ਼ਾਮ ਨੂੰ ਕਰਨਗੇ ਸ਼ੁਰੂਆਤ 

ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਦਿਹਾਤੀ ਓਲੰਪਿਕ ਖੇਡਾਂ ਦੀ 29 ਸਤੰਬਰ ਸ਼ਾਮ ਨੂੰ ਕਰਨਗੇ ਸ਼ੁਰੂਆਤ 

ਕੰਵਰ ਗਰੇਵਾਲ ਤੇ ਵਿੱਕੀ ਵੱਲੋਂ ਦਿਖਾਈ ਜਾਣਗੇ ਗਾਇਕੀ 

ਬਠਿੰਡਾ, (ਪਰਵਿੰਦਰ ਜੀਤ ਸਿੰਘ)-ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਓਲੰਪਿਕ ਐਸੋਸ਼ੀਏਸ਼ਨ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਬਠਿੰਡਾ (ਦਿਹਾਤੀ) ਓਲੰਪਿਕ ਖੇਡਾਂ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ 29 ਸਤੰਬਰ ਨੂੰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਪਹੁੰਚਕੇ ਆਪਣੇ ਕਰ ਕਮਲਾਂ ਨਾਲ ਕਰਨਗੇ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਅਗਾਊਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।

          ਡਿਪਟੀ ਕਮਿਸ਼ਨਰ ਨੇ ਬੈਠਕ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਆਪੋ-ਆਪਣੀਆਂ ਡਿਊਟੀਆਂ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਉਂਦਿਆਂ 28 ਸਤੰਬਰ ਸ਼ਾਮ ਤੱਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ ।

          ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਬਠਿੰਡਾ (ਦਿਹਾਤੀ) ਓਲੰਪਿਕ ਖੇਡਾਂ ਦੇ ਪਿੰਡ ਅਤੇ ਬਲਾਕ ਪੱਧਰੀ ਮੁਕਾਬਲੇ ਪਹਿਲਾਂ ਹੀ ਕਰਵਾਏ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ ਜੇਤੂ ਰਹੇ ਖਿਡਾਰੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ 2 ਅਕਤੂਬਰ ਤੱਕ ਚੱਲਣਗੇ।

          ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਸਟੇਡੀਅਮ ਨੂੰ ਵੱਖ-ਵੱਖ ਬਲਾਕਾਂ ਵਿੱਚ ਵੰਡ ਕਰਨ, ਪੀਣ ਵਾਲੇ ਸਾਫ਼ ਪਾਣੀ, ਸਾਫ਼-ਸਫ਼ਾਈ, ਬੈਰੀਕੇਡਿੰਗ, ਖਿਡਾਰੀਆਂ ਅਤੇ ਪਬਲਿਕ ਦੇ ਬੈਠਣ ਲਈ ਢੁਕਵੇਂ ਪ੍ਰਬੰਧ ਕਰਨ, ਗੱਡੀਆਂ ਦੀ ਪਾਰਕਿੰਗ ਤੇ ਨਿਰਵਿਘਨ ਟਰੈਫ਼ਿਕ ਆਦਿ ਸਬੰਧੀ ਲੋੜੀਂਦੇ ਪ੍ਰਬੰਧ ਕਰਨ ਦੇ ਆਦੇਸ਼ ਵੀ ਦਿੱਤੇ ਤਾਂ ਕਿ ਖੇਡ ਸਟੇਡੀਅਮ ਵਿਖੇ ਪਹੁੰਚਣ ਵਾਲੇ ਆਮ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

          ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ 29 ਸਤੰਬਰ ਨੂੰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਮਲਵਈ ਗਿੱਧਾ ਪੇਸ਼ ਕਰਨ ਤੋਂ ਇਲਾਵਾ, ਗੱਤਕਾ ਤੇ ਜਿਸਨਾਸਟਿਕ ਦੇ ਸ਼ੋਅ ਵੀ ਦਿਖਾਏ ਜਾਣਗੇ ਅਤੇ ਸ਼ਾਮ ਨੂੰ ਰੰਗਾ-ਰੰਗ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਸੂਫ਼ੀ ਗਾਇਕ ਕੰਵਰ ਗਰੇਵਾਲ ਅਤੇ ਵਿੱਕੀ ਵੱਲੋਂ ਆਪਣੀ ਗਾਇਕੀ ਦੇ ਫ਼ਨ ਦਾ ਮੁਜ਼ਾਹਰਾ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।

          ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੱਧਰ ਉੱਤੇ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਜ਼ ਗਰੁੱਪ ਅੰਡਰ-19 ਅਤੇ ਸੀਨੀਅਰ ਗਰੁੱਪ 19 ਸਾਲ ਤੋਂ ਵੱਧ ਉਮਰ ਚ 100 ਮੀਟਰ, 200, 400 ਅਤੇ 1500 ਮੀਟਰ ਦੀ ਦੌੜ ਤੋਂ ਇਲਾਵਾ ਡਿਸਕਸ ਥ੍ਰੋ, ਗੋਲਾ ਸੁੱਟਣ ਤੇ ਬਾਲੀਬਾਲ ਦੀਆਂ ਖੇਡਾਂ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ ਓਪਨ ਚ ਫੁੱਟਬਾਲ, ਹਾਕੀ, ਬਾਲੀਬਾਲ ਸੂਟਿੰਗ ਅਤੇ ਰੱਸਾ ਕੱਸੀ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ । ਇਨ੍ਹਾਂ ਖੇਡਾਂ ਚ ਜੇਤੂ ਰਹੇ ਖਿਡਾਰੀਆਂ ਅਤੇ ਟੀਮਾਂ ਨੂੰ 10 ਲੱਖ ਰੁਪਏ ਤੱਕ ਦੇ ਨਕਦ ਇਨਾਮ ਤੋਂ ਇਲਾਵਾ ਮੈਡਲ ਅਤੇ ਸਰਟੀਫ਼ਿਕੇਟ ਵੀ ਦਿੱਤੇ ਜਾਣਗੇ।

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਜ਼ਿਲ੍ਹਾ ਪੱਧਰ ਤੇ ਹਾਕੀ, ਫੁੱਟਬਾਲ ਅਤੇ ਵਾਲੀਵਾਲ ਚ ਪਹਿਲੇ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 31000 ਅਤੇ 21000 ਰੁਪਏ ਨਕਦ ਇਨਾਮ ਤੋਂ ਇਲਾਵਾ ਟੀਮ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਐਥਲੈਟਿਕਸ ਵਿੱਚ ਜੇਤੂ ਖਿਡਾਰੀਆਂ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਖਿਡਾਰੀ ਨੂੰ 5100 ਰੁਪਏ, ਦੂਜੇ ਸਥਾਨ ਵਾਲੇ ਨੂੰ 3100 ਰੁਪਏ ਅਤੇ ਤੀਜੇ ਸਥਾਨ ਵਾਲੇ ਖਿਡਾਰੀ ਨੂੰ 2100 ਰੁਪਏ ਨਕਦ ਇਲਾਮ ਤੋਂ ਇਲਾਵਾ ਮੈਡਲ ਅਤੇ ਸਰਟੀਫ਼ਿਕੇਟ ਦਿੱਤੇ ਜਾਣਗੇ।

          ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਜੇ.ਇਲਨਚੇਲੀਅਨ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੈਡਮ ਲਵਜੀਤ ਕੌਰ, ਐਸਡੀਐਮ ਬਠਿੰਡਾ ਸ਼੍ਰੀਮਤੀ ਇਨਾਯਤ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ)ਸ੍ਰੀ ਸਾਰੰਗਪ੍ਰੀਤ ਸਿੰਘ ਔਜਲਾ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ੍ਰੀ ਇੰਦਰਜੀਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰੁਪਿੰਦਰ ਸਿੰਘ ਤੋਂ ਇਲਾਵਾ ਹੋਰ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀ ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments